ਰਸਮ-ਰਿਵਾਜ | Punjab de Rasam Rivaj

ਪੰਜਾਬ ਦੇ ਰਸਮ-ਰਿਵਾਜ | Punjab de Rasam Rivaj

Punjab de Rasam Rivaj: ਪੰਜਾਬ ਦੇ ਰਸਮ-ਰਿਵਾਜ, ਰਹੁ-ਰੀਤਾਂ ਜਾਂ ਸੰਸਕਾਰ ਭਾਈਚਾਰਕ ਜੀਵਾਂ ਦੇ ਮਨਾਂ ਦੀਆਂ ਸਿੱਕਾਂ, ਸਧਰਾਂ ਤੇ ਜਜ਼ਬਿਆਂ ਦੀ ਤਰਜਮਾਨੀ ਕਰਦੇ ਹਨ । ਭਾਈਚਾਰਕ ਜੀਵਾਂ ਦੇ ਜਨਮ-ਮਰਨ ਤੇ ਵਿਆਹ-ਸ਼ਾਦੀ ਦੇ ਮੌਕੇ ਉੱਤੇ ਇਨ੍ਹਾਂ ਦੇ ਅਸਲੀ ਰੂਪ ਨੂੰ ਦੇਖਿਆ ਜਾ ਸਕਦਾ ਹੈ ।

ਰੂਪ ਤੇ ਉੱਤਪਤੀ

ਪੰਜਾਬ ਦੇ ਰਸਮ-ਰਿਵਾਜ ਕਿਵੇਂ ਤੇ ਕਿਉਂ ਉਪਜੇ ਇਹ ਬੜਾ ਦਿਲਚਸਪ ਵਿਸ਼ਾ ਹੈ । ਮੁੱਢਲੇ ਮਨੁੱਖ ਨੂੰ ਦੈਵੀ ਤਾਕਤਾਂ ਦਾ ਭੈ ਬਹੁਤ ਜ਼ਿਆਦਾ ਸੀ । ਬਹੁਤ ਸਾਰੇ ਰਸਮ-ਰਿਵਾਜਾਂ ਦਾ ਆਰੰਭ ਇਨ੍ਹਾਂ ਦੈਵੀ ਤਾਕਤਾਂ ਨੂੰ ਪਤਿਆਉਣ ਕਰਕੇ ਹੋਇਆ । ਕੁੱਝ ਰਸਮ-ਰਿਵਾਜ ਖ਼ੁਸ਼ੀਆਂ ਦੇ ਪ੍ਰਗਟਾਵੇ ਤੋਂ ਵੀ ਪੈਦਾ ਹੋਏ ।

ਮਨ ਦੀ ਭਾਈਚਾਰਕ ਵੰਡ ਅਨੁਸਾਰ ਮਨੁੱਖ ਦੇ ਜੀਵਨ ਨੂੰ ਚਾਰ ਭਾਗਾਂ ਵਿਚ ਵੰਡਿਆ ਗਿਆ ਸੀ ਅਤੇ ਹਰ ਭਾਗ ਦੇ ਵੱਖ – ਵੱਖ ਸੰਸਕਾਰ/ਰਸਮ-ਰਿਵਾਜ ਬੱਝੇ ਹੋਏ ਸਨ । ਇਨ੍ਹਾਂ ਦੀ ਮਰਿਆਦਾ ਵਿੱਚ ਬੱਝੇ ਸਾਡੇ ਵਡੇਰੇ ਰੋਜ਼ਾਨਾ ਜੀਵਨ ਦੀਆਂ ਅਨੇਕ ਸਮੱਸਿਆਵਾਂ ਦੀ ਚਿੰਤਾ ਦਾ ਭਾਰ ਆਪਣੇ ਮਨ ਉੱਤੇ ਪਾਉਣ ਦੀ ਥਾਂ ਇਨ੍ਹਾਂ ਉੱਤੇ ਛੱਡ ਦਿੰਦੇ ਹਨ । ਹੁਣ ਇਨ੍ਹਾਂ ਵਿਚੋਂ ਬਹੁਤੇ ਸੰਸਕਾਰ/ਰਸਮ-ਰਿਵਾਜ ਸਾਡੇ ਭਾਈਚਾਰੇ ਵਿੱਚੋਂ ਅਲੋਪ ਹੁੰਦੇ ਜਾਂਦੇ ਹਨ ।

ਸੰਸਕਾਰਾਂ ਦਾ ਸੰਬੰਧ

ਸਾਡੇ ਬਹੁਤੇ ਪੰਜਾਬ ਦੇ ਰਸਮ-ਰਿਵਾਜ ਅਗਨੀ, ਪਾਣੀ, ਲੋਹੇ, ਅਨਾਜ ਅਤੇ ਰੁੱਖਾਂ ਦੀਆਂ ਟਹਿਣੀਆਂ ਨਾਲ ਨੇਪਰੇ ਚਾੜ੍ਹੇ ਜਾਂਦੇ ਹਨ । ਅਗਨੀ ਚਾਨਣ ਦਾ ਚਿੰਨ੍ਹ ਹੈ, ਪਾਣੀ ਸ਼ੁੱਧਤਾ ਦਾ, ਲੋਹਾ ਬਚਾਓ ਦਾ, ਅਨਾਜ ਚੜ੍ਹਾਵੇ ਦਾ ਅਤੇ ਬਿਰਛ ਦੀ ਟਹਿਣੀ ਜਾਂ ਹਰਾ ਘਾਹ ਜਿਸ ਨੂੰ ‘ਦੁੱਬ’ ਵੀ ਕਹਿੰਦੇ ਹਨ, ਚੰਗੇ ਸ਼ਗਨਾਂ ਦਾ ।

ਜਨਮ ਸੰਬੰਧੀ ਰਸਮਾਂ

ਗਰਭ ਸੰਸਕਾਰ

ਪ੍ਰੇਤ – ਰੂਹਾਂ ਤੋਂ ਬਚਣ ਲਈ ਗਰਭ ਦੇ ਤੀਜੇ , ਪੰਜਵੇਂ ਜਾਂ ਸੱਤਵੇਂ ਮਹੀਨੇ ਵਿਚ ਇਸਤਰੀ ਦੇ ਪੱਲੇ ਨਾਲ ਅਨਾਜ ਬੰਨ੍ਹਿਆ ਜਾਂ ਪੱਲੇ ਪਾਇਆ ਜਾਂਦਾ ਹੈ । ਜੇ ਕੁੜੀ ਸਹੁਰੇ ਘਰ ਹੋਵੇ , ਤਾਂ ਇਹ ਅਨਾਜ ਮਾਪੇ ਭੇਜਦੇ ਹਨ । ਉਹ ਇਸ ਨੂੰ ਰਿੰਨ੍ਹ ਕੇ ਖਾਂਦੀ ਹੈ ਤੇ ਭਾਈਚਾਰੇ ਵਿਚ ਵੰਡਦੀ ਹੈ । ਵਧੇਰੇ ਕਰਕੇ ਪਹਿਲੇ ਬੱਚੇ ਦਾ ਜਨਮ ਉਸ ਦੇ ਨਾਨਕੇ ਪਿੰਡ ਹੁੰਦਾ ਸੀ, ਇਸ ਸੂਰਤ ਵਿਚ ਇਸ ਰਹੁ-ਰੀਤਾਂ/ਰਸਮ-ਰਿਵਾਜ ਵੇਲੇ ਦੋਵੇਂ ਪਤੀ – ਪਤਨੀ , ਪਤਨੀ ਦੇ ਸਹੁਰਿਆਂ ਵਲੋਂ ਘੱਲੇ ਹੋਏ ਕੱਪੜੇ ਪਾ ਕੇ ਜਠੇਰਿਆਂ ਦੀ ਪੂਜਾ ਕਰਦੇ ਹਨ ।

ਜਣੇਪਾ

ਜਣੇਪੇ ਤੋਂ ਪਿੱਛੋਂ ਬੱਚਾ ਤੇ ਜੱਚਾ ਦੋਹਾਂ ਨੂੰ ਧੂਫ ਦਿੱਤੀ ਜਾਂਦੀ ਸੀ ਜਾਂ ਦੀਵਾ ਬਾਲ ਕੇ ਰੱਖਿਆ ਜਾਂਦਾ ਸੀ, ਜਿਹੜਾ ਦਸ ਦਿਨ ਨਿਰੰਤਰ ਜਗਦਾ ਰਹਿੰਦਾ ਸੀ । ਵਧਾਈ – ਮੁੰਡਾ ਜੰਮਿਆ ਹੋਵੇ, ਤਾਂ ਪਿੰਡ ਦੇ ਲਾਗੀ ਅਤੇ ਭਾਈਚਾਰੇ ਦੇ ਬੰਦੇ ਵਧਾਈਆਂ ਦੇਣ ਆਉਂਦੇ ਸਨ । ਵਧਾਈਆਂ ਲੈ ਕੇ ਲਾਗੀਆਂ ਨੂੰ ਸ਼ਰਧਾ ਅਨੁਸਾਰ ਲਾਗ ਅਤੇ ਭਾਈਚਾਰੇ ਵਿਚ ਗੁੜ, ਮਿਸਰੀ ਜਾਂ ਪਤਾਸੇ ਵੰਡੇ ਜਾਂਦੇ ਸਨ । ਇਹ ਰਸਮ-ਰਿਵਾਜ ਅਜੇ ਵੀ ਕਾਇਮ ਹਨ ।

ਗੁੜ੍ਹਤੀ

ਜਨਮ ਤੋਂ ਪਿੱਛੋਂ ਗੁੜ੍ਹਤੀ ਦੀ ਰਸਮ-ਰਿਵਾਜ ਮਹੱਤਵਪੂਰਨ ਸਮਝਿਆ ਜਾਂਦਾ ਹੈ । ਬੱਚੇ ਨੂੰ ਦਿੱਤੀ ‘ਗੁੜ੍ਹਤੀ’ ਦਾ ਬੱਚੇ ਦੇ ਸੁਭਾ ਉੱਤੇ ਡੂੰਘਾ ਅਸਰ ਹੁੰਦਾ ਮੰਨਿਆ ਜਾਂਦਾ ਹੈ । ਕਈ ਵਾਰੀ ਗਰਭਵਤੀਆਂ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਸ ਬੰਦੇ ਨੂੰ ਮਨ ਵਿਚ ਧਾਰ ਲੈਂਦੀਆਂ ਹਨ, ਜਿਸ ਤੋਂ ਉਹ ਗੁੜ੍ਹਤੀ ਦਿਵਾਉਣੀ ਚਾਹੁੰਦੀਆਂ ਹੋਣ । ਗੁੜ੍ਹਤੀ ਮਿਸਰੀ ਦੀ ਡਲੀ ਭੇਡ – ਬੱਕਰੀ ਦੇ ਦੁੱਧ ਦੀ ਦਿੱਤੀ ਜਾਂਦੀ ਹੈ । ਗੁੜ੍ਹਤੀ ਦੇਣ ਤਕ ਮਾਂ ਆਪਣੇ ਬੱਚੇ ਨੂੰ ਦੁੱਧ ਨਹੀਂ ਚੁੰਘਾਉਂਦੀ ।

ਪੰਜਵਾਂ ਨਹਾਉਣਾ

ਜਣੇਪੇ ਤੋਂ ਪੰਜ ਦਿਨ ਪਿੱਛੋਂ ‘ਪੰਜਵਾਂ – ਨਹਾਉਣ’ ਦੀ ਰਸਮ-ਰਿਵਾਜ/ਰੀਤ ਹੈ । ਇਸ ਦਿਨ ਦਾਈ ਪਾਣੀ ਵਿਚ ਸੇਂਜੀ, ਮੇਥੀ, ਜਵੈਣ ਦੇ ਪੱਤੇ ਉਬਾਲ ਕੇ ਉਸ ਨੂੰ ਨਹਾਉਂਦੀ ਹੈ ਅਤੇ ਨਹਾਉਣ ਤੋਂ ਪਹਿਲਾਂ ਉਹ ਮਾਂ ਦੀਆਂ ਤਲੀਆਂ ਥੱਲੇ ਕੁੱਝ ਨਕਦੀ ਰਖਾ ਲੈਂਦੀ ਹੈ, ਜੋ ਮਗਰੋਂ ਉਸੇ ਨੂੰ ਦੇ ਦਿੱਤੀ ਜਾਂਦੀ ਹੈ ।

ਛਟੀ ਦੀ ਰਸਮ

ਛੇਵੇਂ ਦਿਨ ਛਟੀ ਦਾ ਰਸਮ-ਰਿਵਾਜ ਹੁੰਦਾ ਹੈ ਤੇ ਇਸ ਅਨੁਸਾਰ ਚੌਂਕ ਪੂਰ ਕੇ ਮਾਂ ਨੂੰ ਰੋਟੀ ਖੁਆਈ ਜਾਂਦੀ ਹੈ । ਇਸ ਵੇਲੇ ਮਾਂ ਇਸ ਵਿਸ਼ਵਾਸ ਅਧੀਨ ਰੱਜ ਕੇ ਖਾਂਦੀ ਹੈ ਕਿ ਜਿੰਨਾ ਉਹ ਨੀਅਤ ਭਰ ਕੇ ਖਾਏਗੀ, ਓਨੀ ਹੀ ਉਸ ਦੇ ਬੱਚੇ ਦੀ ਨੀਅਤ ਭਰੀ ਰਹੇਗੀ ।

ਬਾਹਰ ਵਧਾਉਣਾ

ਤੇਰ੍ਹਵੇਂ ਦਿਨ ‘ਬਾਹਰ ਵਧਾਉਣ’ ਦਾ ਰਸਮ-ਰਿਵਾਜ ਕੀਤਾ ਜਾਂਦਾ ਹੈ । ਮੁੰਡਾ ਹੋਵੇ, ਤਾਂ ਇਸੇ ਦਿਨ ਸਾਰੇ ਲਾਗੀ ਤੋਹਫ਼ੇ ਲੈ ਕੇ ਵਧਾਈਆਂ ਦੇਣ ਆਉਂਦੇ ਹਨ । ਮਹਿਰਾ ਮੌਲੀ ਵਿਚ ਸ਼ਰੀਂਹ ਦੇ ਪੱਤਿਆਂ ਦਾ ਸਿਹਰਾ, ਤਰਖਾਣ ਗੁੱਲੀ – ਡੰਡਾ, ਮੋਚੀ ਮੌਜੇ, ਘੁਮਿਆਰ ਨਹਾਉਣ ਵਾਲਾ ਦੌਰਾ ਜਾਂ ਝੱਜਰ ਤੇ ਦਾਈ ਬੱਚੇ ਵਾਸਤੇ ਤੜਾਗੀ ਲੈ ਕੇ ਆਉਂਦੀ ਹੈ ।

ਇਨ੍ਹਾਂ ਤੋਹਫ਼ਿਆਂ ਤੇ ਵਧਾਈਆਂ ਦੇ ਬਦਲੇ ਉਨ੍ਹਾਂ ਨੂੰ ਬਣਦਾ – ਸਰਦਾ ਲਾਗ ਦਿੱਤਾ ਜਾਂਦਾ ਹੈ ਤੇ ਪਿੱਛੋਂ ਭਾਈਚਾਰੇ ਵਿਚ ਪਰੋਸੇ ਵੰਡੇ ਜਾਂਦੇ ਹਨ ਸ਼ਾਮ ਨੂੰ ਬੱਚੇ ਦੀ ਮਾਂ ਜਣੇਪੇ ਤੋਂ ਮਗਰੋਂ ਪਹਿਲੀ ਵਾਰੀ ਹੱਥ ਵਿਚ ਪਾਣੀ ਦੀ ਗੜਵੀ ਲੈ ਕੇ ਬਾਹਰ ਜਾਂਦੀ ਹੈ ਤੇ ਬਾਹਰੋਂ ਹਰਾ ਘਾਹ ਪੁੱਟ ਕੇ ਲਿਆਉਂਦੀ ਹੈ ਤੇ ਇਸ ਨੂੰ ਆਪਣੇ ਸਿਰ੍ਹਾਣੇ ਰੱਖ ਲੈਂਦੀ ਹੈ । ਇਹ ਘਾਹ ਉਸ ਦੀ ਰਾਖੀ ਕਰਦਾ ਸਮਝਿਆ ਜਾਂਦਾ ਹੈ ।

ਛੂਛਕ

ਮੁੰਡਾ ਹੋਵੇ ਤਾਂ ਕਈ ਥਾਈਂ ਇਸ ਦਿਹਾੜੇ ਦਾਦਕਿਆਂ ਨੂੰ ਨਾਈ ਦੇ ਹੱਥ ਦੁੱਬ, ਖੰਮ੍ਹਣੀ ਤੇ ਗੁੜ ਦੀ ਡਲੀ ਭੇਜਦੇ ਹਨ ਤੇ ਕੁੱਝ ਸ਼ਗਨ ਬਾਕੀ ਅੰਗਾਂ – ਸਾਕਾਂ ਨੂੰ ਵੀ ਭੇਜਿਆ ਜਾਂਦਾ ਹੈ । ਦਾਦਕੇ ਅੱਗੋਂ ਭੇਲੀ ਦੇ ਬਦਲੇ ਆਪਣੀ ਨੂੰਹ ਲਈ ਗਹਿਣੇ ਕੱਪੜੇ ਅਤੇ ਨਾਈ ਤੇ ਦਾਈ ਨੂੰ ਲਾਗ ਵਜੋਂ ਤਿਉਰ ਆਦਿ ਘੱਲਦੇ ਹਨ, ਉਂਞ ਭੇਲੀ ਪਹੁੰਚਣ’ ਤੇ ਮੁੰਡੇ ਦੇ ਨਾਨਕਿਆਂ ਵਲੋਂ ਛੂਛਕ‘ ਭੇਜਣ ਦਾ ਰਸਮ-ਰਿਵਾਜ ਹੈ । ਮੁੰਡੇ ਦੇ ਜਨਮ ਤੋਂ ਮਗਰੋਂ ਆਉਣ ਵਾਲੀ ਲੋਹੜੀ ਉੱਤੇ ਮੁੰਡੇ – ਕੁੜੀਆਂ ਭੇਲੀ ਮੰਗ ਕੇ ਖਾਂਦੇ ਹਨ ।

ਨਾਮ ਸੰਸਕਾਰ

ਪੰਜਾਬ ਵਿਚ ਨਾਂ ਰੱਖਣ ਵਾਸਤੇ ਕੋਈ ਖ਼ਾਸ ‘ਨਾਮ – ਸੰਸਕਾਰ/ਰਸਮ-ਰਿਵਾਜ’ ਨਹੀਂ ਕੀਤਾ ਜਾਂਦਾ ਕਈ ਵਾਰੀ ਭਾਈ ਜਿਹੜਾ ਨਾਂ ਦੱਸ ਦੇਵੇ ਰੱਖ ਲੈਂਦੇ ਹਨ ਤੇ ਕਈ ਵਾਰੀ ਆਪਣੇ – ਆਪਣੇ ਧਰਮ – ਗ੍ਰੰਥ ਦਾ ਕੋਈ ਪੰਨਾ ਗ੍ਰੰਥੀ, ਮੌਲਵੀ ਜਾਂ ਪੰਡਤ ਤੋਂ ਖੁੱਲ੍ਹਵਾ ਕੇ ਪੰਨੇ ਦੇ ਪਹਿਲੇ ਅੱਖਰ ਤੋਂ ਕੋਈ ਨਾਂ ਰੱਖ ਲਿਆ ਜਾਂਦਾ ਹੈ ।

ਮੁੰਡਨ ਸੰਸਕਾਰ

ਹਿੰਦੂ ਘਰਾਂ ਵਿੱਚ ‘ਮੁੰਡਨ ਸੰਸਕਾਰ’ ਤੀਜੇ ਤੋਂ ਪੰਜਵੇਂ ਸਾਲ ਵਿਚ ਕੀਤਾ ਜਾਂਦਾ ਹੈ । ਆਮ ਕਰਕੇ ਇਹ ਸੰਸਕਾਰ ਅਜਿਹੇ ਸਥਾਨ ਉੱਤੇ ਕੀਤਾ ਜਾਂਦਾ ਹੈ, ਜਿੱਥੇ ਦੀ ਬੱਚੇ ਦੇ ਮਾਪਿਆਂ ਨੇ ਸੁੱਖ ਸੁੱਖੀ ਹੋਵੇ । ਜ਼ਰਾ ਜਵਾਨ ਹੋਣ ‘ਤੇ ਹਿੰਦੂ ਜਨੇਊ ਪਹਿਨਦੇ ਹਨ ਤੇ ਸਿੱਖ ਅੰਮ੍ਰਿਤ ਛਕਦੇ ਹਨ । ਪਰ ਇਹ ਸਾਰੇ ਚਾ – ਮਲ੍ਹਾਰ ਤੇ ਰਸਮ-ਰਿਵਾਜ/ਰਸਮਾਂ-ਰੀਤਾਂ ਮੁੰਡਿਆਂ ਲਈ ਹੀ ਕੀਤੀਆਂ ਜਾਂਦੀਆਂ ਸਨ ।

ਧੀ ਜੰਮਦੀ ਤਾਂ ਮਾਪਿਆਂ ਦੇ ਭਾ ਦਾ ਪਹਾੜ ਡਿਗ ਪੈਂਦਾ ਸੀ । ਨਾ ਕੋਈ ਵਧਾਈ ਦਿੰਦਾ ਹੈ ਤੇ ਨਾ ਹੀ ਕਿਸੇ ਨੂੰ ਲੱਡੂ ਵੰਡੇ ਜਾਂਦੇ ਸਨ । ਧੀਆਂ ਦਾ ‘ਨਾਮ – ਕਰਨ ਸੰਸਕਾਰ’ ਨਹੀਂ ਸੀ ਹੁੰਦਾ । ਕੰਨ – ਵੱਧ ਸੰਸਕਾਰ ਵੀ ਨਾਂ ਮਾਤਰ ਹੀ ਹੁੰਦਾ ਸੀ । ਕੋਈ ਵਣਜਾਰਾ ਵੰਝਾਂ ਚੜ੍ਹਾਉਣ ਆਵੇ, ਤਾਂ ਕੰਨ ਵਿੰਨ੍ਹ ਜਾਂਦਾ ਸੀ । ਕੁੜੀਆਂ ਉਸ ਨੂੰ ਗੁੜ ਦੀ ਰੋੜੀ ਤੇ ਆਪਣੀ ਮਾਂ ਤੋਂ ਦੁਆਨੀ – ਚੁਆਨੀ ਲੈ ਕੇ ਦੇ ਦਿੰਦੀਆਂ ਸਨ ।

ਪਰ ਹੁਣ ਧੀਆਂ ਪ੍ਰਤੀ ਦ੍ਰਿਸ਼ਟੀਕੋਣ ਬਦਲ ਰਿਹਾ ਹੈ । ਧੀਆਂ ਦੇ ਕਮਾਉਣ ਲੱਗ ਪੈਣ ਕਰਕੇ ਭਾਰ ਨਾ ਬਣਨ ਕਾਰਨ ਉਨ੍ਹਾਂ ਦਾ ਘਰ ਵਿਚ ਸਤਿਕਾਰਯੋਗ ਸਥਾਨ ਹੋ ਗਿਆ ਹੈ ।

ਵਿਆਹ ਦੀਆਂ ਰਸਮਾਂ

ਰੋਕਣਾ ਤੇ ਠਾਕਣਾ

ਮੁੰਡੇ – ਕੁੜੀ ਦੇ ਜਵਾਨ ਹੋਣ ‘ਤੇ ਵਿਆਹ ਦੀਆਂ ਰਸਮ-ਰਿਵਾਜਾਂ ਦੀ ਲੜੀ ਸ਼ੁਰੂ ਹੋ ਜਾਂਦੀ ਹੈ । ਪਹਿਲਾਂ ‘ਰੋਕਣ’ ਜਾਂ ‘ਠਾਕਣ’ ਦਾ ਰਸਮ-ਰਿਵਾਜ ਹੁੰਦਾ ਹੈ । ਕੁੜੀ ਵਾਲੇ ਨਾਈ ਦੇ ਹੱਥ ਮੁੰਡੇ ਨੂੰ ਇੱਕ ਰੁਪਇਆ ਭੇਜ ਦਿੰਦੇ ਹਨ ਤੇ ਨਾਤਾ ਪੱਕਾ ਕਰ ਲੈਂਦੇ ਹਨ ।

ਕੁੜਮਾਈ

ਇਸ ਪਿੱਛੋਂ ‘ਕੁੜਮਾਈ’ ਜਾਂ ‘ਸਗਾਈ’ ਦ ਰਸਮ-ਰਿਵਾਜ ਹੁੰਦਾ ਹੈ । ਕੁੜੀ ਵਾਲੇ ਨਾਈ ਦੇ ਹੱਥ ਖੰਮ੍ਹਣੀ, ਰੁਪਇਆ, ਪੰਜ ਮਿਸਰੀ ਦੇ ਕਜੇ, ਪੰਜ ਛੁਹਾਰੇ, ਕੇਸਰ ਆਦਿ ਦੇ ਕੇ ਮੁੰਡੇ ਦੇ ਘਰ ਘੱਲ ਦਿੰਦੇ ਸਨ । ਮੁੰਡੇ ਵਾਲਿਆਂ ਦੇ ਘਰ ਰਿਸ਼ਤੇਦਾਰ ਤੇ ਸ਼ਰੀਕੇ ਦੇ ਬੰਦੇ ਇਕੱਠੇ ਹੋਏ ਹੁੰਦੇ ਹਨ ਮੁੰਡੇ ਦੇ ਮਾਮੇ ‘ਤੇ ਪਿਤਾ ਪੰਚਾਇਤ ਦੀ ਹਜੂਰੀ ਵਿੱਚ ਮੁੰਡੇ ਨੂੰ ਚੌਂਕੀ ‘ਤੇ ਬਿਠਾ ਕੇ ਨਾਈ ਆਪਣੇ ਨਾਲ ਲਿਆਂਦੀਆਂ ਚੀਜ਼ਾਂ ਉਸ ਦੀ ਝੋਲੀ ਵਿੱਚ ਪਾ ਕੇ ਉਸ ਦੇ ਮੱਥੇ ਉੱਤੇ ਕੇਸਰ ਦਾ ਟਿੱਕਾ ਲਾ ਦਿੰਦਾ ਹੈ ।

ਕੁੜੀ ਦਾ ਬਾਪ ਜਾਂ ਵਿਚੋਲਾ ਪੱਲੇ ਵਿਚੋਂ ਇਕ ਛੁਹਾਰਾ ਤੇ ਮਿਸਰੀ ਮੁੰਡੇ ਦੇ ਮੂੰਹ ਵਿਚ ਪਾ ਦਿੰਦਾ ਹੈ । ਬਾਕੀ ਛੁਹਾਰੇ ਮੁੰਡੇ ਦੇ ਅਜਿਹੇ ਹਾਣੀਆਂ ਨੂੰ ਦਿੱਤੇ ਜਾਂਦੇ ਹਨ, ਜਿਨ੍ਹਾਂ ਦੀ ਛੇਤੀ ਹੀ ਕੁੜਮਾਈ ਹੋਣ ਦੀ ਆਸ ਹੁੰਦੀ ਹੈ । ਭਾਈਚਾਰੇ ਦੀਆਂ ਇਸਤਰੀਆਂ ਇੱਕ – ਇੱਕ ਰੁਪਇਆ ਤੇ ਠੂਠੀ ਵਾਰ ਕੇ ਮੁੰਡੇ ਦੀ ਝੋਲੀ ਵਿਚ ਪਾਉਂਦੀਆਂ ਹਨ । ਮੁੰਡੇ ਦਾ ਮਾਮਾ ਉਸ ਨੂੰ ਸਹਾਰਾ ਦੇ ਕੇ ਚੌਂਕੀ ਤੋਂ ਉਤਾਰਦਾ ਹੈ । ਨਾਈ ਨੂੰ ਲਾਗ ਤੇ ਖ਼ਰਚਾ ਦੇ ਕੇ ਵਿਦਾ ਕਰ ਦਿੰਦੇ ਹਨ ।

ਕੁੜੀ ਦੀ ਕੁੜਮਾਈ

ਮੁੰਡੇ ਵਾਲੇ ਨਾਈ ਦੇ ਕੋਲ ਮੰਗੇਤਰ ਕੁੜੀ ਲਈ ਸੂਟ, ਜੁੱਤੀ, ਗਹਿਣਾ, ਲਾਲ ਪਰਾਂਦੀ, ਮੌਲੀ, ਮਹਿੰਦੀ, ਖੰਡ, ਚੌਲ, ਛੁਹਾਰੇ ਤੇ ਨਕਦੀ ਆਦਿ ਘੱਲਦੇ ਹਨ । ਕੁੜੀ ਆਪਣੇ ਘਰ ਨ੍ਹਾ ਧੋ ਕੇ ਜੁੱਤੀ, ਕੱਪੜੇ ਤੇ ਲਾਲ ਪਰਾਂਦੀ ਪਹਿਨ ਕੇ ਚੜ੍ਹਦੇ ਵਲ ਮੂੰਹ ਕਰ ਕੇ ਪੀੜ੍ਹੇ ਉੱਤੇ ਬੈਠ ਜਾਂਦੀ ਹੈ ।

ਨੈਣ ਸਹੁਰਿਆਂ ਦੀ ਭੇਜੀ ਨਕਦੀ ਉਸ ਦੀ ਝੋਲੀ ਵਿੱਚ ਪਾ ਕੇ ਖੰਡ ਤੇ ਛੁਹਾਰਾ ਉਸ ਦੇ ਮੂੰਹ ਵਿਚ ਪਾ ਦਿੰਦੀ ਹੈ । ਇਸ ਤਰ੍ਹਾਂ ਉਸ ਦੀ ਵੀ ਕੁੜਮਾਈ ਹੋ ਜਾਂਦੀ ਹੈ । ਲਾਲ ਪਰਾਂਦੀ ਇਸ ਦੀ ਨਿਸ਼ਾਨੀ ਹੁੰਦੀ ਹੈ । ਇਸ ਨੂੰ ਕੁੜੀ ਓਨਾ ਚਿਰ ਨਹੀਂ ਲਾਹੁੰਦੀ, ਜਿੰਨਾ ਚਿਰ ਕਿ ਇਹ ਟੁੱਟ ਨਹੀਂ ਜਾਂਦੀ । ਸਹੁਰਿਆਂ ਵਲੋਂ ਆਂਦੇ ਚੋਲ ਉਸ ਨੂੰ ਤੇ ਉਸ ਦੀਆਂ ਕੁਆਰੀਆਂ ਸਹੇਲੀਆਂ ਨੂੰ ਖੁਆਏ ਜਾਂਦੇ ਹਨ ਤੇ ਥੋੜ੍ਹੇ ਜਿਹੇ ਚੌਲ ਭਾਈਚਾਰੇ ਵਿੱਚ ਵੀ ਵੰਡੇ ਜਾਂਦੇ ਹਨ ।

ਸਾਹੇ ਚਿੱਠੀ ਭੇਜਣਾ

ਮੰਗਣੀ ਤੋਂ ਪਿੱਛੋਂ ਕਿਸੇ ਸ਼ੁੱਭ ਮਹੀਨੇ ਦੀ ਤਿੱਥ ਤੇ ਘੜੀ ਵਿਆਹ ਲਈ ਨਿਯਤ ਕੀਤੀ ਜਾਂਦੀ ਹੈ ਇਸ ਨੂੰ ‘ਸਾਹਾ ਕਢਾਉਣਾ’ ਆਖਦੇ ਹਨ । ਇਸ ਤੋਂ ਪਿੱਛੋਂ ਜਦ ਵਿਆਹ ਵਿੱਚ ਥੋੜ੍ਹੇ ਦਿਨ ਰਹਿ ਜਾਣ, ਤਾਂ ਕੁੜੀ ਵਾਲੇ ‘ਸਾਹੇ ਚਿੱਠੀ’ ਜਾਂ ‘ਲਗਨ’ ਲਿਖਾਉਂਦੇ ਹਨ । ਚਿੱਠੀ ਨੂੰ ਦੁੱਬ, ਚੌਲ, ਹਲਦੀ, ਖੰਮ੍ਹਣੀ ਆਦਿ ਵਿਚ ਲਪੇਟ ਕੇ ਨਾਈ, ਪੰਡਤ ਜਾ ਵਿਚੋਲੇ ਆਦਿ ਦੇ ਹੱਥ ਮੁੰਡੇ ਵਾਲਿਆਂ ਨੂੰ ਭੇਜਿਆ ਜਾਂਦਾ ਹੈ । ਇਹ ਚਿੱਠੀ ਪੰਚਾਇਤ ਅਤੇ ਮੁੰਡੇ ਨੂੰ ਬਿਠਾ ਕੇ ਸਭ ਦੀ ਹਾਜ਼ਰੀ ਵਿਚ ਖੋਲ੍ਹੀ ਤੇ ਪੜ੍ਹੀ ਜਾਂਦੀ ਹੈ ਤੇ ਫਿਰ ਨਾਈ ਜਾਂ ਪ੍ਰੋਹਤ ਨੂੰ ਲਾਗ ਦੇ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ ।

ਸਾਹੇ ਚਿੱਠੀ ਤੋਂ ਪਿੱਛੋਂ ਦੋਹਾਂ ਘਰਾਂ ਵਿਚ ਵਿਆਹ ਦੀਆਂ ਤਿਆਰੀਆਂ ਆਰੰਭ ਹੋ ਜਾਂਦੀਆਂ ਹਨ । ਕੁੜੀ ਵਾਲੇ ਭਾਈਚਾਰੇ ਵਿੱਚ ਮੌਲੀ ਜਾਂ ਰੂੰ ਕੱਤਣ ਤੇ ਪੀਹਣ ਲਈ ਦਾਣੇ ਵੰਡ ਦਿੰਦੇ ਹਨ । ਕੁੜੀ ਦਾ ਵਿਆਹ ਸਾਰੇ ਭਾਈਚਾਰੇ ਦਾ ਕੰਮ ਸਮਝਿਆ ਜਾਂਦਾ ਹੈ ਜਿਸ ਵਿੱਚ ਵਿੱਤ ਅਨੁਸਾਰ ਸਾਰੇ ਹਿੱਸਾ ਪਾਉਂਦੇ ਹਨ ਮੁੰਡੇ ਦੇ ਘਰ ਵੀ ਵਹੀ ਆਦਿ ਦੀ ਤਿਆਰੀ ਆਰੰਭ ਹੋ ਜਾਂਦੀ ਹੈ ।

ਜਿਸ ਦਿਨ ਤੋਂ ਸ਼ਗਨ ਭੇਜ ਦਿੱਤਾ ਜਾਂਦਾ ਹੈ ਕੁੜੀ ਤੇ ਮੁੰਡੇ ਦਾ ਬਾਹਰ ਨਿਕਲਣਾ, ਕਿਸੇ ਨਾਲ ਹੱਸਣਾ – ਬੋਲਣਾ ਤੇ ਕੰਮ ਕਰਨਾ ਮਨ੍ਹਾ ਕਰ ਦਿੱਤਾ ਜਾਂਦਾ ਹੈ । ਇਸ ਨੂੰ ‘ਸਾਹੇ ਲੱਤ ਬੰਨ੍ਹਣਾ’ ਜਾਂ ‘ਥੜ੍ਹੇ ਪਾਉਣਾ’ ਆਖਦੇ ਹਨ । ਇਸ ਤੋਂ ਪਿੱਛੋਂ ਸੱਤ ਸੁਹਾਗਣ ਇਸਤਰੀਆਂ ਇਕੱਠੀਆਂ ਕਰ ਕੇ ਉਨ੍ਹਾਂ ਨੂੰ ਗੁੜ ਆਦਿ ਦਿੱਤਾ ਜਾਂਦਾ ਹੈ । ਇਹ ਸੱਤੇ ਵਿਆਹ ਦੇ ਹਰ ਕੰਮ ਲਈ ਇਕੱਠੀਆਂ ਹੁੰਦੀਆਂ ਹਨ ।

ਕੜਾਹੀ ਚੜ੍ਹਾਉਣੀ

ਸੱਤ ਜਾਂ ਨੌਂ ਦਿਨ ਪਹਿਲਾਂ ‘ਕੜਾਹੀ ਚੜ੍ਹਾਈ’ ਜਾਂਦੀ ਹੈ । ਵਿਆਂਹਦੜ ਦੀ ਮਾਂ ਇਸ ਕੜਾਹੀ ਵਿੱਚ ਤਿਆਰ ਕੀਤੇ ਗੁਲਗੁਲੇ ਆਪਣੇ ਪੇਕਿਆਂ ਨੂੰ ਲੈ ਜਾਂਦੀ ਹੈ ਤੇ ਉਨ੍ਹਾਂ ਨੂੰ ਵਿਆਹ ਦਾ ਦਿਨ ਦੱਸ ਆਉਂਦੀ ਹੈ । ਉਹ ‘ਨਾਨਕੀ ਛੱਕ ਦੀ ਤਿਆਰੀ ਕਰਨ ਲੱਗ ਪੈਂਦੇ ਹਨ ।

ਵਿਆਹ ਤੋਂ ਪਹਿਲਾਂ ਵੱਡੀ ਰਸਮ ਕੇਵਲ ਵਟਣੇ ਜਾਂ ਮਾਈਏ ਦੀ ਹੁੰਦੀ ਹੈ ਮੁੰਡੇ ਜਾਂ ਕੁੜੀ ਦੇ ਸਿਰ ਉੱਤੇ ਚਾਰ ਕੁੜੀਆਂ ਚਾਰੇ ਕੰਨੀਆਂ ਫੜ ਕੇ ਪੀਲੀ ਚਾਦਰ ਦਾ ਚੰਦੋਆ ਤਾਣ ਕੇ ਖੜ੍ਹੀਆਂ ਹੋ ਜਾਂਦੀਆਂ ਹਨ ।ਇੱਕ ਠੂਠੀ ਵਿੱਚ ਤੇਲ ਪਾਣੀ ਤੇ ਹਲਦੀ ਮਿਲਾ ਕੇ ਵਟਣਾ ਤਿਆਰ ਕੀਤਾ ਜਾਂਦਾ ਹੈ ਤੇ ਇਹ ਘਾਹ ਦੀ ਗੁੱਟੀ ਨਾਲ ਲਾ-ਲਾ ਕੇ ਮੁੰਡੇ ਜਾਂ ਕੁੜੀ ਦੇ ਵਾਲਾਂ ਦੀ ਲਿਟ ਨੂੰ ਲਾਇਆ ਜਾਂਦਾ ਹੈ । ਇਸ ਤੋਂ ਪਿੱਛੋਂ ਇਹ ਹੱਥਾਂ, ਪੈਰਾਂ ਅਤੇ ਚਿਹਰੇ ਤੇ ਦੱਬ – ਦੱਬ ਕੇ ਮਲਿਆ ਜਾਂਦਾ ਹੈ ਤੇ ਇਹ ਵਿਆਹ ਦੇ ਦਿਨ ਤਕ ਲੱਗਦਾ ਰਹਿੰਦਾ ਹੈ ।

ਨਾਨਕਾ – ਮੇਲ

ਵਿਆਹ ਤੋਂ ਇੱਕ ਦਿਨ ਪਹਿਲਾਂ ਸੱਦੇ ਹੋਏ ਅੰਗ – ਸਾਕ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ । ਸਭ ਤੋਂ ਵੱਡਾ ਮੇਲ ਨਾਨਕਿਆਂ ਦਾ ਹੁੰਦਾ ਹੈ, ਜਿਹੜੇ ਆਪਣੀ ਦੋਹਤਰੀ ਜਾਂ ਦੋਹਤੇ ਲਈ ਗਹਿਣੇ, ਬਿਸਤਰੇ, ਪਲੰਘ, ਬਰਤਣ ਤੇ ਕੱਪੜੇ – ਲੀੜੇ ਲੈ ਕੇ ਆਉਂਦੇ ਹਨ । ਮਾਮੇ ਮਾਮੀ ਨੇ ਇੱਕ ਦੂਜੇ ਦਾ ਲੜ ਫੜਿਆ ਹੁੰਦਾ ਹੈ । ਬਾਕੀ ਮੇਲ, ਚੋਹਲ ਕਰਦਾ ਤੇ ਬੰਬੀਹਾ ਬੁਲਾਉਂਦਾ ਪਿੰਡ ਦੀ ਜੂਹ ਵਿਚ ਵੜਦਾ ਹੈ । ਵਿਹਾਂਦੜ ਦੀ ਮਾਂ ਆਪਣੇ ਭਰਾ ਭਰਜਾਈ ਦੇ ਸਵਾਗਤ ਲਈ ਉਡੀਕ ਰਹੀ ਹੁੰਦੀ ਹੈ ।

ਦੂਜੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਮੁੰਡੇ ਦੇ ਆਖ਼ਰੀ ਵਟਣਾ ਮਲ ਕੇ ਨੁਹਾ ਦਿੱਤਾ ਜਾਂਦਾ ਹੈ ਤੇ ਉਸ ਨੂੰ ਮਾਮੇ ਦੀ ਲਿਆਂਦੀ ਹੋਈ ਪੁਸ਼ਾਕ ਪਹਿਨਾਈ ਜਾਂਦੀ ਹੈ । ਇਸ ਤੋਂ ਪਿੱਛੋਂ ਮੁੰਡੇ ਦੇ ਸਿਰ ਉੱਤੇ ਮੋਰ (ਮੁਕਟ) ਜਾਂ ਮੱਥੇ ‘ਤੇ ਸਿਹਰਾ ਬੰਨ੍ਹ ਦਿੰਦੇ ਹਨ । ਸਰਬਾਲ੍ਹੇ ਨੂੰ ਵੀ ਇਸੇ ਤਰ੍ਹਾਂ ਨੁਹਾ ਕੇ ਸਿਹਰਾ ਬੰਨ੍ਹਿਆ ਜਾਂਦਾ ਹੈ ।

ਘੋੜੀ

ਇਸ ਤੋਂ ਮਗਰੋਂ ‘ਘੋੜੀ’ ਦੀ ਰੀਤ ਹੁੰਦੀ ਹੈ । ਘੋੜੀ ਚੜ੍ਹਨ ਤੋਂ ਪਹਿਲਾਂ ਮੁੰਡੇ ਨੂੰ ਉਸ ਦੀ ਭਰਜਾਈ ਸੁਰਮਾ ਪਾ ਕੇ ਸੁਰਮਾ ਪੁਆਈ ਲੈਂਦੀ ਹੈ । ਉਸ ਤੋਂ ਮਗਰੋਂ ਉਸ ਦੀ ਭੈਣ ਵਾਂਗ ਫੜਦੀ ਹੈ । ਮੁੰਡੇ ਦੀ ਮਾਂ ਤੇ ਹੋਰ ਸ਼ਰੀਕਣੀਆਂ ਸਲਾਮੀਆਂ ਪਾਉਂਦੀਆਂ ਹਨ ਅਤੇ ਫਿਰ ਉਸ ਨੂੰ ਮੋਟਰ, ਰੱਥ ਆਦਿ ਵਿੱਚ ਬਿਠਾ ਦਿੰਦੀਆਂ ਹਨ । ਘੋੜੀ ਉੱਤੋਂ ਉਤਾਰਨ ਤੋਂ ਪਹਿਲਾਂ ਉਹ ਵਾਂਗ ਫੜਨ ਵਾਲੀ ਭੈਣ ਨੂੰ ਵਾਗ ਫੜਾਈ ਦੇ ਕੇ ਬਾਕੀ ਭੈਣਾਂ ਨੂੰ ਵੀ ਖ਼ੁਸ਼ੀਆਂ ਵਿੱਚ ਰੁਪਏ ਵੰਡਦਾ ਘੋੜੀ ਚੜ੍ਹ ਜਾਂਦਾ ਹੈ ।

ਜੰਞ ਦਾ ਢੁਕਾਓ ਤੇ ਮਿਲਣੀ

ਜਦ ਜੰਞ ਕੁੜੀ ਵਾਲਿਆਂ ਦੇ ਪਿੰਡ ਪਹੁੰਚ ਜਾਂਦੀ ਹੈ, ਤਾਂ ਅੱਗੇ ਪਿੰਡ ਦੀ ਪੰਚਾਇਤ ਸਵਾਗਤ ਵਿੱਚ ਖੜ੍ਹੀ ਹੁੰਦੀ ਹੈ । ਪਿੰਡ ਦੇ ਦਰਵਾਜ਼ੇ ਉੱਤੇ ਜਾਂ ਡੇਰੇ ਵਿਚ ਪਹੁੰਚਣ ‘ਤੇ ‘ਮਿਲਣੀ’ ਹੁੰਦੀ ਹੈ । ਮਿਲਣੀ ਤੋਂ ਪਿੱਛੋਂ ਜੰਞ ਡੇਰੇ (ਜੰਞ – ਘਰ) ਪਹੁੰਚ ਜਾਂਦੀ ਹੈ ।ਮੁੰਡਾ ਰਾਤ ਦੀ ਰੋਟੀ ਡੇਰੇ ਵਿੱਚ ਹੀ ਖਾਂਦਾ ਹੈ । ਜਾਂਞੀਆਂ ਦੀ ਗੋਤਣ ਕੋਈ ਕੁੜੀ ਉਸ ਪਿੰਡ ਵਿੱਚ ਵਿਆਹੀ ਹੋਵੇ, ਤਾਂ ਉਸ ਨੂੰ ਮਠਿਆਈ ਤੇ ਰੁਪਏ ਸਮੇਤ ਪੱਤਲਾਂ ਭੇਜ ਕੇ ਉਸ ਦਾ ਮਾਣ – ਸਤਿਕਾਰ ਕੀਤਾ ਜਾਂਦਾ ਹੈ ।

ਫੇਰੇ

ਵਿਆਹ ਵਿੱਚ ਫੇਰਿਆਂ ਦੀ ਰਸਮ-ਰਿਵਾਜ ਬਹੁਤ ਮਹੱਤਵਪੂਰਨ ਹੈ । ਕੁੜੀ ਨੂੰ ਉਸ ਦਾ ਮਾਮਾ ਖਾਰਿਆ ਤੋਂ ਚੁੱਕ ਕੇ ਅੰਦਰ ਬਿਠਾ ਦਿੰਦਾ ਹੈ । ਇੱਥੋਂ ਹੀ ਕੁੜੀ ਦੀ ਮਾਂ ਮਾਮੇ ਨੂੰ ਮਿਸਰੀ ਜਾਂ ਦੁੱਧ ਦਿੰਦੀ ਹੈ । ਸਿੱਖਾਂ ਵਿਚ ਅਨੰਦ ਕਾਰਜ ਦੀ ਰੀਤ ਕਰਨ ਲਈ ਹਵਨ ਦੀ ਥਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ । ਫਿਰ ਸੁਹਾਗ – ਜੋੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਲੇ – ਦੁਆਲੇ ਹਰ ਲਾਵ ਦੇ ਪਾਠ ਮਗਰੋਂ ਇਕ ਫੇਰਾ ਲੈਂਦੀ ਹੈ ਤੇ ਚਾਰ ਲਾਵਾਂ ਨਾਲ ਚਾਰ ਫੇਰੇ ਪੂਰੇ ਕਰਦੀ ਹੈ ਇਸ ਪਿੱਛੋਂ ਭੋਗ ਪਾ ਦਿੱਤਾ ਜਾਂਦਾ ਹੈ । ਅਨੰਦ – ਕਾਰਜ ਜਾਂ ਲਗਨ ਫੇਰਿਆਂ ਨਾਲ ਅਸਲੀ ਕਾਰਜ ਸਮਾਪਤ ਹੋ ਜਾਂਦਾ ਹੈ ।

ਵਰੀ ਤੇ ਖੱਟ

ਫਿਰ ‘ ਵਰੀ ’ ਹੁੰਦੀ ਹੈ । ਜਾਂਞੀ ਜਿਹੜੀ ‘ ਵਰੀ ’ ਲੈ ਕੇ ਆਏ ਹੋਣ , ਥਾਲੀਆਂ , ਟੋਕਰਿਆਂ ਵਿਚ ਖਿਲਾਰ ਕੇ ਬੰਦ ਦੀ ਬੰਦ ਕੁੜੀ ਵਾਲਿਆਂ ਦੇ ਘਰ ਲਿਆਉਂਦੇ ਹਨ ਤੇ ਇਹ ਭਾਈਚਾਰੇ ਨੂੰ ਦਿਖਾਈ ਜਾਂਦੀ ਹੈ । ਇਸੇ ਤਰ੍ਹਾਂ ਜੰਞ ਦੇ ਤੁਰਨ ਤੋਂ ਪਹਿਲਾਂ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਤੇ ਆਪਣੇ ਭਾਈਚਾਰੇ ਨੂੰ ਦਿੱਤਾ ਜਾਣ ਵਾਲਾ ਦਾਜ ਤੇ ਖੱਟ ਵਿਖਾਉਂਦੇ ਹਨ । ਇਸ ਵਿੱਚ ਉਹ ਸਭ ਕੁੱਝ ਵਿਖਾਇਆ ਜਾਂਦਾ ਹੈ , ਜਿਹੜਾ ਕੁੜੀ ਵਾਲੇ ਆਪਣੀ ਧੀ ਨੂੰ ਦਿੰਦੇ ਹਨ ।

ਇਸ ਪਿੱਛੋਂ ਜੰਞ ਤਾਂ ਚਲੀ ਜਾਂਦੀ ਹੈ , ਪਰ ਮੁੰਡਾ ਤੇ ਉਸ ਦਾ ਸਰਬਾਹਲਾ ਬੈਠਾ ਰਹਿੰਦਾ ਹੈ । ਭਾਈਚਾਰੇ ਦੀਆਂ ਔਰਤਾਂ ਉਸ ਨੂੰ ਸਲਾਮੀਆਂ ਪਾਉਂਦੀਆਂ ਹਨ । ਕੁੜੀਆਂ ਟਿੱਚਰਾਂ ਕਰਦੀਆਂ ਹਨ ਤੇ ਉਸ ਤੋਂ ਛੰਦ ਆਦਿ ਸੁਣਦੀਆਂ ਹਨ । ਇਸ ਤੋਂ ਪਿੱਛੋਂ ਜੰਞ ਵਿਦਾ ਕਰ ਦਿੱਤੀ ਜਾਂਦੀ ਹੈ । ਮਾਮਾ ਕੁੜੀ ਨੂੰ ਚੁੱਕ ਕੇ ਰੋਂਦੀ – ਕੁਰਲਾਉਂਦੀ ਨੂੰ ਡੋਲੇ ਜਾਂ ਰਥ ਵਿਚ ਬਿਠਾ ਆਉਂਦਾ ਹੈ ।

ਵਹੁਟੀ ਦਾ ਆਉਣਾ

ਮੁੰਡੇ ਦੇ ਘਰ ਪਹੁੰਚਣ ਉੱਤੇ ਮੁੰਡੇ ਦੀ ਮਾਂ ਦੀਵਾ ਲੈ ਕੇ ਨੂੰਹ – ਪੁੱਤ ਨੂੰ ਲੈਣ ਜਾਂਦੀ ਹੈ । ਦਰਵਾਜ਼ੇ ਉੱਤੇ ਉਹ ਪਾਣੀ ਨਾਲ ਵਾਰਨੇ ਕਰਦੀ ਹੈ ।ਸੱਤ ਵਾਰੀ ਪਾਣੀ ਮੂੰਹ ਨੂੰ ਲਾਉਂਦੀ ਹੈ । ਮੁੰਡਾ ਉਸ ਨੂੰ ਰੋਕਦਾ ਹੈ । ਸੱਤਵੀਂ ਵਾਰੀ ਤਾਂ ਉਸ ਦੀਆਂ ਦਰਾਣੀਆਂ – ਜਠਾਣੀਆਂ ਉਸ ਨੂੰ ਉਹ ਪਾਣੀ ਬਿਲਕੁਲ ਹੀ ਨਹੀਂ ਪੀਣ ਦਿੰਦੀਆਂ । ਇਸ ਤੋਂ ਪਿੱਛੋਂ ਵਹੁਟੀ ਨੂੰ ਭਾਈਚਾਰੇ ਦੀਆਂ ਔਰਤਾਂ ਸ਼ਗਨ ਪਾਉਂਦੀਆਂ ਤੇ ਉਸ ਦਾ ਮੂੰਹ ਵੇਖਦੀਆਂ ਹਨ ।

ਵਿਆਹ ਦਾ ਦੂਜਾ ਦਿਨ

ਦੂਜੇ ਦਿਨ ਸਵੇਰੇ ਲਾੜਾ ਤੇ ਵਹੁਟੀ ਪਿੱਤਰਾਂ , ਸ਼ਹੀਦਾਂ ਜਾਂ ਤੁਲਸੀ ਦੇ ਬੂਟੇ ਦੀ ਪੂਜਾ ਵਾਸਤੇ ਜਾਂਦੇ ਹਨ । ਕਈ ਥਾਂਵਾਂ ਉੱਤੇ ਇਸ ਸਮੇਂ ਛਟੀਆਂ ਖੇਡਣ ਦਾ ਵੀ ਰਿਵਾਜ ਹੈ । ਲਾੜਾ ਤੇ ਵਹੁਟੀ ਇੱਕ ਦੂਜੇ ਦੇ ਸੱਤ – ਸੱਤ ਛਟੀਆਂ ਮਾਰਦੇ ਹਨ । ਇਸੇ ਸ਼ਾਮ ਉਹ ਕੰਙਣਾ ਵੀ ਖੋਲ੍ਹਦੇ ਹਨ । ਤੀਜਾ ਦਿਨ – ਤੀਜੇ ਦਿਨ ਵਹੁਟੀ ਨੂੰ ਤੋਰਨ ਤੋਂ ਪਹਿਲਾਂ ਪਿੰਡ ਨੂੰ ‘ ਦਿਖਾਵਾ ’ ਦਿਖਾਇਆ ਜਾਂਦਾ ਹੈ । ਬਹੂ ਦੀ ਛੋਟੀ ਨਨਾਣ ਪੇਟੀ ਖੋਲ੍ਹਦੀ ਹੈ ਤੇ ‘ ਪੇਟੀ ਖੁਲ੍ਹਾਈ ’ ਦਾ ਮਨ – ਭਾਉਂਦਾ ਸੂਟ ਲੈਂਦੀ ਹੈ ।

ਮੌਤ ਦੀਆਂ ਰਸਮਾਂ

ਵਿਅਕਤੀ ਦੇ ਪ੍ਰਾਣ ਤਿਆਗਣ ਤੋਂ ਪਿੱਛੋਂ ਤੀਵੀਆਂ ਘਰ ਵਿੱਚ ਵੈਣ ਪਾਉਣ ਲਗ ਪੈਂਦੀਆਂ ਹਨ ਅਤੇ ਮਰਦ ਬਾਹਰ ਫੂਹੜੀ ਵਿਛਾ ਕੇ ਬੈਠ ਜਾਂਦੇ ਹਨ ਤੇ ਉਸ ਦੇ ਚੰਗੇ ਗੁਣਾਂ ਨੂੰ ਯਾਦ ਕਰਦੇ ਹਨ ।

ਇਸ਼ਨਾਨ

ਫਿਰ ਮ੍ਰਿਤਕ ਨੂੰ ਆਖ਼ਰੀ ਇਸ਼ਨਾਨ ਕਰਵਾਇਆ ਜਾਂਦਾ ਹੈ । ਜੇ ਸੁਹਾਗਣ ਮਰੀ ਹੋਵੇ , ਤਾਂ ਕੱਪੜਿਆਂ ਨਾਲ ਗਹਿਣੇ ਤੇ ਲਾਲ ਚੰਦੋਰੀ ਪਹਿਨਾ ਕੇ , ਹੱਥਾਂ – ਪੈਰਾਂ ਨੂੰ ਮਹਿੰਦੀ ਤੇ ਹੋਠਾਂ ਨੂੰ ਦੰਦਾਸਾ , ਅੱਖਾਂ ਵਿੱਚ ਸੁਰਮਾ , ਵੀਣੀ ਉੱਤੇ ਚੂੜੀਆਂ ਤੇ ਮੱਥੇ ਉੱਤੇ ਬਿੰਦੀ ਲਾ ਕੇ ਅੰਤਮ ਯਾਤਰਾ ਲਈ ਤਿਆਰ ਕਰਦੇ ਹਨ ।

ਅਰਥੀ

ਅਰਥੀ ਵਾਸਤੇ ਬਾਂਸ ਜਾਂ ਬੇਰੀ ਦੀ ਲੱਕੜੀ ਵਰਤੀ ਜਾਂਦੀ ਹੈ । ਕਿੱਲਾਂ ਦੀ ਥਾਂ ਮੁੰਜ ਆਦਿ ਨਾਲ ਹੀ ਅਰਥੀ ਦੀਆਂ ਲੱਕੜੀਆਂ ਨੂੰ ਬੰਨ੍ਹਿਆ ਜਾਂਦਾ ਹੈ ।

ਸਿਵਿਆਂ ਨੂੰ ਜਾਣਾ

ਘਰ ਤੋਂ ਸਿਵਿਆਂ ਨੂੰ ਜਾਂਦੇ ਸਮੇਂ ਮ੍ਰਿਤਕ ਦੇ ਰਿਸ਼ਤੇਦਾਰ ਉਸ ਦੀ ਅਰਥੀ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਲਿਜਾਂਦੇ ਹਨ । ਘਰੋਂ ਤੁਰਨ ਸਮੇਂ ਰਸਮੀ ਤੌਰ ‘ ਤੇ ਉਸ ਦੀ ਮ੍ਰਿਤਕ ਦੇਹ ਤੋਂ ਪੈਸੇ ਵਾਰ ਕੇ ਉਸ ਦਾ ਭਾੜਾ ਜਾਂ ਕਿਰਾਇਆ ਉਤਾਰ ਦਿੱਤਾ ਜਾਂਦਾ ਹੈ । ਅੱਧ – ਮਾਰਗ ਤੋਂ ਪਿੱਛੋਂ ਇਸਤਰੀਆਂ ਉੱਥੇ ਹੀ ਬੈਠ ਜਾਂਦੀਆਂ ਹਨ ਤੇ ਮਰਦ ਅਰਥੀ ਨਾਲ ਚਲੇ ਜਾਂਦੇ ਹਨ । ਸ਼ਮਸ਼ਾਨ ਭੂਮੀ ਵਿਚ ਪਹੁੰਚ ਕੇ ਅਰਥੀ ਲਾਹ ਲੈਂਦੇ ਹਨ ਤੇ ਚਿਖਾ ਵਾਸਤੇ ਲੱਕੜੀ ਚਿਣ ਲੈਂਦੇ ਹਨ । ਫਿਰ ਮ੍ਰਿਤਕ ਨੂੰ ਚਿਖਾ ਉੱਤੇ ਲਿਟਾ ਦਿੱਤਾ ਜਾਂਦਾ ਹੈ ।

ਲਾਂਬੂ ਲਾਉਣਾ ਤੇ ਕਪਾਲ ਕਿਰਿਆ

ਇਸ ਤੋਂ ਪਿੱਛੋਂ ਵੱਡਾ ਪੁੱਤਰ ਆਪਣੇ ਹੱਥ ਵਿੱਚ ਲਾਂਬੂ ਲੈ ਕੇ ਸੱਜਿਓਂ ਖੱਬੇ ਨੂੰ ਇਕ ਗੇੜਾ ਚਿਖਾ ਦੇ ਦੁਆਲੇ ਕੱਢਦਾ ਹੈ । ਮ੍ਰਿਤਕ ਦੇ ਪੈਰਾਂ ਕੋਲ ਪਹੁੰਚ ਕੇ ਉਹ ਚਿਖਾ ਨੂੰ ਲਾਂਬੂ ਲਾ ਦਿੰਦਾ ਹੈ । ਅੱਗ ਲੱਗ ਜਾਣ ਤੇ ਅਰਥੀ ਨਾਲ ਆਏ ਸਾਰੇ ਆਦਮੀ ਜ਼ਰਾ ਦੂਰ ਖਲੋ ਜਾਂਦੇ ਹਨ । ਜਦ ਚਿਖਾ ਜਲ ਕੇ ਮੁਰਦੇ ਦੀ ਖੋਪਰੀ ਵਿਖਾਈ ਦੇਣ ਲਗ ਜਾਵੇ , ਤਾਂ ਕੋਈ ਆਦਮੀ ਅਰਥੀ ਦਾ ਇਕ ਡੰਡਾ ਕੱਢ ਕੇ ਮੁਰਦੇ ਦੀ ਖੋਪਰੀ ਠਕੋਰ ਕੇ ਕਪਾਲ ਕਿਰਿਆ ਦਾ ਰਸਮ-ਰਿਵਾਜ ਕਰਦਾ ਹੈ ਅਤੇ ਹੱਥਲਾ ਡੰਡਾ ਚਿਖਾ ਦੇ ਉੱਪਰੋਂ ਲਾਸ਼ ਦੇ ਪੈਰਾਂ ਤੋਂ ਪਾਰ ਸੁੱਟ ਦਿੰਦਾ ਹੈ ।

ਵਾਪਸੀ

ਇਸ ਪਿੱਛੋਂ ਅਰਥੀ ਨਾਲ ਆਏ ਸਾਰੇ ਬੰਦੇ ਚਿਖਾ ਦੇ ਬਾਹਰ ਪਏ ਬਾਲਣ ਨੂੰ ਚਿਖਾ ਉੱਤੇ ਸੁੱਟਦੇ ਹਨ ਅਤੇ ਫਿਰ ਬਿਨਾਂ ਪਿਛਾਂਹ ਦੇਖਿਆਂ ਵਾਪਸ ਤੁਰ ਪੈਂਦੇ ਹਨ । ਇਸ ਸਮੇਂ ਮ੍ਰਿਤਕ ਨਾਲੋਂ ਸੰਬੰਧ ਤੋੜਨ ਲਈ ਕਈ ਲੋਕ ਡੱਕਾ ਤੋੜਦੇ ਹਨ ਤੇ ਕਈ ਡੰਡਾ । ਕਈ ਨਿੰਮ ਦੀ ਪੱਤੀ ਚਬਾਉਂਦੇ ਹਨ ਤੇ ਕਈ ਅੱਕ ਦਾ ਦੁੱਧ ਚੁਆ ਦਿੰਦੇ ਹਨ । ਰਸਤੇ ਵਿਚ ਸਾਰੇ ਲੋਕ ਕਿਸੇ ਖੂਹ , ਟੋਭੇ ਜਾਂ ਛੱਪੜ ਉੱਤੇ ਇਸ਼ਨਾਨ ਕਰਦੇ ਜਾਂ ਹੱਥ – ਮੂੰਹ ਧੋਂਦੇ ਹਨ ।

ਫੁੱਲ ਚੁਗਣੇ

ਤੀਜੇ ਦਿਨ ਮ੍ਰਿਤਕ ਦੇ ਫੁੱਲ ਚੁਗੇ ਜਾਂਦੇ ਹਨ । ਉਨ੍ਹਾਂ ਨੂੰ ਹਰਦੁਆਰ ਜਾਂ ਕੀਰਤਪੁਰ ਸਾਹਿਬ ਵਿਖੇ ਜਲ – ਪ੍ਰਵਾਹ ਕੀਤਾ ਜਾਂਦਾ ਹੈ ।

ਦਸਤਾਰਬੰਦੀ

ਇਸ ਤੋਂ ਕੁੱਝ ਦਿਨ ਤਕ ਮੁਕਾਣਾਂ ਆਉਂਦੀਆਂ ਹਨ । ਕਿਰਿਆ ਦੇ ਦਿਨ ‘ ਦਸਤਾਰਬੰਦੀ ਕੀਤੀ ਜਾਂਦੀ ਹੈ । ਭਾਈਚਾਰੇ ਦੀ ਹਾਜ਼ਰੀ ਵਿਚ ਵੱਡਾ ਪੁੱਤਰ ਆਪਣੇ ਸਹੁਰਿਆਂ ਦੀ ਦਿੱਤੀ ਪੱਗ ਬੰਨ੍ਹਦਾ ਹੈ ਤੇ ਉਹ ਆਪਣੇ ਪਿਤਾ ਦਾ ਵਾਰਸ ਬਣ ਜਾਂਦਾ ਹੈ ।

ਮੁਸਲਿਮ ਅਤੇ ਹਿੰਦੂਆਂ ਦੀਆਂ ਰਸਮਾਂ ਵਿੱਚ ਅੰਤਰ

ਮੁਸਲਮਾਨਾਂ ਦੀਆਂ ਰਸਮ-ਰਿਵਾਜਾਂ ਵਿੱਚ ਹਿੰਦੂਆਂ-ਸਿੱਖਾਂ ਨਾਲੋਂ ਦੋ ਵੱਡੇ ਫ਼ਰਕ ਹਨ । ਉਹ ਅੰਮ੍ਰਿਤ – ਪਾਨ ਤੇ ਜਨੇਊ ਦੀ ਥਾਂ ਸੁੰਨਤ ਕਰਦੇ ਹਨ ਤੇ ਮੌਤ ਉਪਰੰਤ ਮ੍ਰਿਤਕ ਦੇਹ ਨੂੰ ਦਫ਼ਨਾਉਂਦੇ ਹਨ ।

FAQ

ਪ੍ਰਸ਼ਨ – ਮਨੁੱਖੀ ਜੀਵਨ ਵਿੱਚ ਰਸਮ ਰਿਵਾਜਾ ਦਾ ਕੀ ਮਹੱਤਵ ਹੈ?
ਉੱਤਰ – ਰਸਮ-ਰਿਵਾਜ, ਰਹੁ-ਰੀਤਾਂ ਜਾਂ ਸੰਸਕਾਰ ਭਾਈਚਾਰਕ ਜੀਵਾਂ ਦੇ ਮਨਾਂ ਦੀਆਂ ਸਿੱਕਾਂ, ਸਧਰਾਂ ਤੇ ਜਜ਼ਬਿਆਂ ਦੀ ਤਰਜਮਾਨੀ ਕਰਦੇ ਹਨ । ਭਾਈਚਾਰਕ ਜੀਵਾਂ ਦੇ ਜਨਮ-ਮਰਨ ਤੇ ਵਿਆਹ-ਸ਼ਾਦੀ ਦੇ ਮੌਕੇ ਉੱਤੇ ਰਸਮ-ਰਿਵਾਜਾਂ ਦੇ ਅਸਲੀ ਰੂਪ ਨੂੰ ਦੇਖਿਆ ਜਾ ਸਕਦਾ ਹੈ ।
ਪ੍ਰਸ਼ਨ – ਜਨਮ ਸਬੰਧੀ ਰੀਤਾਂ ਕਿਹੜੀਆਂ ਹਨ?
ਉੱਤਰ – ਗਰਭ ਸੰਸਕਾਰ, ਜਣੇਪਾ, ਗੁੜ੍ਹਤੀ, ਛਟੀ ਦੀ ਰਸਮ, ਗੁੜ੍ਹਤੀ ਤੇ ਨਾਮ-ਸੰਸਕਾਰ।
ਪ੍ਰਸ਼ਨ – ਬੱਚੇ ਦੇ ਜਨਮ ਤੋਂ ਬਾਅਦ ਕਿਹੜੀਆਂ ਦੋ ਰਸਮਾਂ ਕੀਤੀਆਂ ਜਾਂਦੀਆਂ ਹਨ ?
ਉੱਤਰ – ਗੁੜ੍ਹਤੀ ਤੇ ਨਾਮ-ਸੰਸਕਾਰ।
ਪ੍ਰਸ਼ਨ – ਪੰਜਾਬ ਦੇ ਰਸਮ ਰਿਵਾਜ ਲੇਖ ਕਿਸ ਦੀ ਰਚਨਾ ਹੈ?
ਉੱਤਰ – ਗੁਲਜ਼ਾਰ ਸਿੰਘ ਸੰਧੂ।

Also Read:

5/5 - (6 votes)

Leave a Comment

Your email address will not be published. Required fields are marked *

Scroll to Top